ਜੀਵਨ ਦਾ ਵਿਕਾਸ ਅਤੇ ਸੈੱਕਸ ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾਰਵਿਨ ਨੇ ਸੈੱਕਸ ਨੂੰ ਜੀਵਨ ਦੇ ਵਿਕਾਸ ਦੀ ਅਗਵਾਈ ਕਰਦਾ ਇਕ ਨਿਵੇਕਲਾ ਸਾਧਨ ਮੰਨਿਆ ਹੈ। ਉਸ ਨੇ ਲਿਖਿਆ ਹੈ: ‘‘ਕਿਵੇਂ ਸੋਚਿਆ ਜਾ ਸਕਦਾ ਹੈ ਕਿ ਮੋਰ , ਆਪਣੇ ਸੰਭੋਗੀ ਸਾਥੀ ਅਗੇ , ਖਿਲਵੇਂ ਰੰਗਾਂ ਨਾਲ ਚਿਤਰੇ ਖੰਭਾਂ ਦੀ ਥਿਰਕਵੀਂ ਪ੍ਰਦਰਸ਼ਨੀ ਬਿਨਾਂ ਕਾਰਨੋਂ ਕਰਦਾ ਹੈ’’?

ਮੋਰ ਵਾਂਗ , ਹੋਰ ਕਿਹੜਾ ਨਰ-ਪ੍ਰਾਣੀ ਵਧੀਆ ਲਿਸ਼ਕਵੇਂ ਰੰਗਾਂ ਨਾਲ ਸਜਿਆ ਹੋਇਆ ਹੈ ? ਮੋਰ ਦੀ ਹੱਦ ਤਕ ਆਰਾਇਸ਼ੀ ਭਾਵੇਂ ਨਾ, ਪਰ ਅਨੇਕਾਂ ਪ੍ਰਾਣੀ ਹਨ, ਜਿਨ੍ਹਾਂ ਦੇ ਨਰ, ਮਦੀਨਾਂ ਦੇ ਟਾਕਰੇ, ਫਬਵੀਂ ਤੇ ਮਨਲੁਭਾਉਣੀ ਦਿੱਖ ਦੇ ਮਾਲਿਕ ਹਨ। ਅਜਿਹੇ ਪ੍ਰਾਣੀਆਂ’ਚ ਸ਼ਾਮਲ ਹਨ: ਮੱਛੀਆਂ, ਕਿਰਲੇ, ਪੰਛੀ ਅਤੇ ਪਸ਼ੂ। ਹੋਰ ਨਹੀਂ ਤਾਂ ਸੁਰੀਲੇ ਸ੍ਵਰ ਅਲਾਪਦੇ ਪੰਛੀ ਵੀ ਨਰ ਹੀ ਹਨ। ਭਾਵੇਂ ਰੰਗਾਂ ਦੀ ਪ੍ਰਦਰਸ਼ਨੀ ਹੋਵੇ, ਭਾਵੇਂ ਸ੍ਵਰਾਂ ਦਾ ਅਲਾਪ, ਅਜਿਹਾ ਕੁਝ ਸੰਭੋਗੀ ਸਾਥੀ ਨੂੰ ਆਕਰਸ਼ਿਕ ਕਰਨ ਲਈ ਕੀਤਾ ਜਾਂਦਾ ਹੈ। ਜਿਹੜਾ ਨਰ ਪ੍ਰਾਣੀ ਆਪਣੇ ਸੰਭੋਗੀ ਸਾਥੀ ਨੂੰ ਮੋਹ ਲੈਣ 'ਚ ਸਫ਼ਲ ਹੋ ਜਾਂਦਾ ਹੈ, ਉਸੇ ਦੀਆਂ ਵਿਸ਼ੇਸ਼ਤਾਵਾਂ ਫਿਰ ਅਗਲੀ ਪੁਸ਼ਤ ਨੂੰ ਵਿਰਸੇ 'ਚ ਮਿਲ ਜਾਂਦੀਆਂ ਹਨ। ਅਜਿਹਾ ਵਾਰ–ਵਾਰ, ਪੁਸ਼ਤ ਉਪਰੰਤ ਪੁਸ਼ਤ ਹੋਈ ਜਾਂਦਾ ਹੈ, ਜਿਸ ਕਾਰਨ, ਨਰ-ਪ੍ਰਾਣੀਆਂ ਦੀਆਂ ਆਰਇਸ਼ੀ ਵਿਸ਼ੇਸ਼ਤਾਵਾਂ ਤੀਬਰ ਹੁੰਦੀਆਂ ਰਹਿੰਦੀਆਂ ਹਨ।

ਇੰਜ ਜਾਪਦਾ ਹੈ ਕਿ ਪ੍ਰਾਣੀਆਂ ਦਾ ਅਪਣਾਇਆ ਅਜਿਹਾ ਵਤੀਰਾ ਕੁਦਰਤੀ ਚੋਣ ਦੀ ਉਲੰਘਣਾ ਕਰ ਰਿਹਾ ਹੈ। ਮੋਰ ਆਪਣੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਅਤੇ ਆਪਣੀ ਲੋੜ ਤੋਂ ਲੰਬੀ ਚਿਤਲੀ ਪੂਛ ਕਾਰਨ ਨਾ ਤਾਂ ਲੰਬੀ ਉਡਾਰੀ ਮਾਰਨ ਯੋਗ ਹੈ ਅਤੇ ਨਾ ਹੀ ਛੋਹਲੀ ਤੋਰ ਤੁਰਨ ਯੋਗ। ਥਿਰਕਦੀ ਹੋਈ, ਪੈਲਾਂ ਪਾ–ਪਾ ਸੰਭੋਗੀ ਸਾਥੀ ਨੂੰ ਮਿਲਾਪ ਲਈ ਉਕਸਾਉਂਦੀ ਰਹਿਣ ਵਾਲੀ ਪੂਛ ਹੀ ਸ਼ਿਕਾਰੀ ਜਾਨਵਰਾਂ ਦਾ ਧਿਆਨ ਆਪਣੀ ਵੱਲ ਖਿੱਚਦੀ ਰਹਿੰਦੀ ਹੈ। ਮੋਰ ਦੇ ਟਾਕਰੇ, ਮੋਰਨੀ ਨੀਰਸ, ਰੁੱਖੀ ਅਤੇ ਆਰੋਚਕ ਦਿਖ ਦੀ ਮਾਲਿਕ ਹੈ।

ਮੋਰ ਜਿਹਾ ਹਾਲ ਵੀ ਬਾਰਾ-ਸਿੰਗੇ ਹਿਰਨ ਦਾ ਹੈ। ਹਿਰਨੀਂ, ਬਗੈਰ ਸਿੰਗਾਂ ਦੇ, ਛੋਹਲੀਆਂ ਹਰਕਤਾਂ ਅਤੇ ਲੰਬੀਆਂ ਟਪੂਸੀਆਂ ਮਾਰਨ ਯੋਗ ਹੈ। ਉਧਰ ਹਿਰਨ ਸਿਰ ਚੋਂ ਉੱਗੇ ਤੇ ਸ਼ਾਖਾਵਾਂ 'ਚ ਵੰਡੇ ਹੋਏ ਬੋਝਲ ਸਿੰਗਾਂ ਕਰਕੇ, ਹਫਦਾ-ਹੌਂਕਦਾ ਹੋਇਆ, ਹਿਰਨੀਂ ਨਾਲ ਨਿਭਣ ਦੇ ਯਤਨ ਕਰਦਾ ਰਹਿੰਦਾ ਹੈ। ਸ਼ਿਕਾਰੀ ਜਾਨਵਰਾਂ ਦੀ ਪਕੜ 'ਚ ਵੀ ਹਿਰਨ, ਹਿਰਨੀਆਂ ਤੋਂ ਪਹਿਲਾਂ ਆ ਜਾਂਦਾ ਹੈ। ਟਰਟਰਾਉਂਦੇ ਡੱਡੂ ਵੀ ਸੱਦ ਤਾਂ ਰਹੇ ਹੁੰਦੇ ਹਨ ਡੱਡਾਂ ਨੂੰ, ਪਰ ਇਨ੍ਹਾਂ ਦੀ ਆਵਾਜ਼ ਤੋਂ ਚਮਗਿਦੜ ਇਨ੍ਹਾਂ ਦੀ ਹੋਂਦ ਭਾਂਪ ਲੈਂਦੇ ਹਨ ਅਤੇ ਇਨ੍ਹਾਂ ਤਕ ਡੱਡਾਂ ਤੋਂ ਪਹਿਲਾਂ ਪੁੱਜ ਕੇ, ਇਨ੍ਹਾਂ ਨੂੰ ਦਬੋਚ ਲੈਂਦੇ ਹਨ। ਭੜਕੀਲੀ ਦਿੱਖ ਵਾਲੇ ਕਿਰਲੇ ਵੀ, ਊਦੇ ਰੰਗ ਦੀਆਂ ਕਿਰਲੀਆਂ ਦੇ ਟਾਕਰੇ, ਸਹਿਲ ਸ਼ਿਕਾਰ ਹੁੰਦੇ ਰਹਿੰਦੇ ਹਨ।

ਇਹ ਗੱਲ ਅਨੁਭਵ ਕਰਨ ਯੋਗ ਹੈ ਕਿ ਨਰ ਪ੍ਰਾਣੀ ਅਜਿਹਾ ਕਿਉਂ ਕਰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਆਪਣੀ ਹੋਂਦ ਤੋਂ ਹੱਥ ਧੋਣੇ ਪੈ ਜਾਂਦੇ ਹਨ ? ਇਨ੍ਹਾਂ ਨੂੰ ਨਮਾਇਸ਼ੀ ਦਿੱਖ ਦਾ ਜੇਕਰ ਲਾਭ ਪੁੱਜਦਾ ਹੈ ਤਾਂ ਸੰਭੋਗ ਲਈ ਸਾਥੀ ਨੂੰ ਆਕਰਸ਼ਿਤ ਕਰਨ ਦਾ। ਪਰ, ਇਸੇ ਕਾਰਨ, ਇਹ ਸਮੇਂ ਤੋਂ ਪਹਿਲਾਂ ਆਪਣੀ ਜਾਨ ਗੁਆ ਬੈਠਦੇ ਹਨ।

ਨਰ ਪ੍ਰਾਣੀਆਂ ਦੇ ਇਸ ਪ੍ਰਚਲਨ ਕਾਰਨ ਪਹਿਲਾਂ ਤਾਂ ਡਾਰਵਿਨ ਵੀ ਸੰਦੇਹ ’ਚ ਘਿਰਿਆ ਰਿਹਾ। ਪਰ ਫਿਰ ਉਸ ਨੂੰ ਇਸ ਉਲਝਣ ਦਾ ਹੱਲ ਸੁੱਝ ਗਿਆ ਸੀ। ਉਸ ਦਾ ਵਿਚਾਰ ਸੀ ਕਿ ਕੁਦਰਤੀ ਚੋਣ ਦਾ ਜੀਵ ਦੀ ਆਯੂ ਦੇ ਲੰਬੇ ਜਾਂ ਘੱਟ ਹੋਣ ਨਾਲ ਉਕਾ ਹੀ ਕੋਈ ਸਰੋਕਾਰ ਨਹੀਂ; ਉਸ ਦਾ ਸਪਸ਼ਟ ਸਰੋਕਾਰ ਹੈ ਤਾਂ ਸੰਤਾਨ ਦੀ ਉਤਪਤੀ ਨਾਲ। ਕੁਦਰਤੀ ਚੋਣ ਦਾ ਜ਼ੋਰ ਜੀਵ ਦੇ ਜੀਵਨ-ਕਾਲ ਦੇ ਪ੍ਰਜਣਨ ਤੱਕ ਬਣੇ ਰਹਿਣ ਉਪਰ ਹੈ। ਇਸ ਉਪਰੰਤ ਜੀਵ ਨਾਲ ਕੁਝ ਵੀ ਵਾਪਰੇ, ਕੁਦਰਤੀ ਚੋਣ ਲਈ ਉਹ ਨਿਰਅਰਥ ਹੈ। ਨਰਾਂ ਦੇ ਚਟਕੀਲੇ ਰੰਗ ਅਤੇ ਮੋਹਤ ਕਰਨ ਵਾਲੇ ਗੀਤ ਪ੍ਰਾਣੀ ਦੀ ਹੋਂਦ ਨੂੰ ਬਣਾਈ ਰੱਖਣ 'ਚ ਸਹਾਈ ਭਾਵੇਂ ਨਾ ਵੀ ਹੋਣ, ਪਰ ਇਹ ਸੰਤਾਨ ਦੀ ਉਤਪਤੀ ਲਈ ਸੰਭੋਗੀ ਸਾਥੀ ਦੀ ਚੋਣ ਨੂੰ ਸਹਿਲ ਜ਼ਰੂਰ ਬਣਾ ਦਿੰਦੇ ਹਨ। ਇਸੇ ਕਾਰਨ, ਡਾਰਵਿਨ ਅਨੁਸਾਰ, ਅਜਿਹੇ ਆਡੰਬਰੀ ਵਿਖਾਲਿਆਂ ਦੇ ਯੋਗ ਜੀਵ ਬਣੇ। ਇਨ੍ਹਾਂ ਆਡੰਬਰੀ ਵਿਖਾਲਿਆਂ ਦੀ ਉਪਜ ਅਤੇ ਵਿਕਾਸ ਲਈ ਡਾਰਵਿਨ ਨੇ ‘ਲਿੰਗ (ਸੈੱਕਸ ) ਆਧਰਿਤ ਚੋਣ’ ਦਾ ਸਿਰਲੇਖ ਵਰਤਿਆ। ਉਸ ਨੇ ਇਸ ਨੂੰ ‘ਕੁਦਰਤੀ ਚੋਣ’ ਦਾ ਹੀ ਇਕ ਅਧਿਆਏ ਮੰਨਿਆ, ਜਿਹੜਾ ਗੱਲ ਭਾਵੇਂ ਵੱਖਰੇ ਮੰਤਵ ਨਾਲ ਵਖਰੀ ਕਰਦਾ ਹੈ। ਨਰ ਪੰਛੀਆਂ ਅਤੇ ਨਰ ਕਿਰਲਿਆਂ ਦੇ ਰੰਗ ਇਸੇ ਲਈ ਭੜਕੀਲੇ ਤੇ ਹੋਰ ਵੀ ਭੜਕੀਲੇ ਬਣਦੇ ਰਹੇ, ਕਿਉਂਕਿ ਇਹ ਮਦੀਨਾਂ ਨੂੰ ਆਪਣੇ ਵੱਲ ਆਕਰਸ਼ਿਕ ਕਰਨ ਦਾ ਸਾਧਨ ਬਣ ਰਹੇ ਸਨ।


ਲੇਖਕ : ਡਾ. ਸੁਰਜੀਤ ਸਿੰਘ ਢਿੱਲੋਂ,
ਸਰੋਤ : ਡਾ.ਸੁਰਜੀਤ ਸਿੰਘ ਢਿੱਲੋਂ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.